ਜਿਨ੍ਹਾਂ
ਪਰਿਵਾਰਾਂ ਦੇ ਪੁੱਤਾਂ ਨੇ ਲੋਕਾਂ ਦੀ ਸੁਰੱਖਿਆ ਅਤੇ ਦੇਸ਼ ਦੀ ਖ਼ਾਤਰ ਆਪਣੀਆਂ ਜਾਨਾਂ ਕੁਰਬਾਨ ਕਰ
ਦਿੱਤੀਆਂ, ਅੱਜ
ਉਸੇ ਪੁਲਿਸ ਵਿਭਾਗ ਦੇ ਸ਼ਹੀਦੀ ਸਮਾਗਮ ਵਿੱਚ ਉਨ੍ਹਾਂ ਪਰਿਵਾਰਾਂ ਦਾ ਦਰਦ ਅਤੇ ਗੁੱਸਾ ਸਾਹਮਣੇ ਆ
ਗਿਆ। ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਡਾ. ਅੰਕੁਰ ਗੁਪਤਾ ਦੀ ਅਗਵਾਈ ਹੇਠ ਪੁਲਿਸ
ਲਾਈਨ ਜਗਰਾਉਂ ਵਿਖੇ ਮਨਾਏ ਗਏ 'ਪੁਲਿਸ
ਸ਼ਹੀਦੀ ਦਿਵਸ' ਮੌਕੇ
ਕਰਵਾਏ ਗਏ ਸਮਾਗਮ ਦੌਰਾਨ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੇ ਵਿਭਾਗ ਵੱਲੋਂ ਦਿੱਤਾ ਜਾਣ
ਵਾਲਾ ਸਨਮਾਨ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਪਰਿਵਾਰਾਂ ਦਾ ਦਰਦ— "ਸਾਲ
'ਚ ਇੱਕ ਦਿਨ ਨਹੀਂ, ਰੋਜ਼ਾਨਾ
ਮਿਲੇ ਮਾਣ-ਸਤਿਕਾਰ"
ਸ਼ਹੀਦੀ
ਸਮਾਗਮ ਦੌਰਾਨ ਉਸ ਵੇਲੇ ਮਾਹੌਲ ਗੰਭੀਰ ਹੋ ਗਿਆ, ਜਦੋਂ ਸ਼ਹੀਦਾਂ ਦੇ ਵਾਰਿਸਾਂ ਨੇ ਆਪਣੀ
ਭੜਾਸ ਕੱਢਦਿਆਂ ਕਿਹਾ ਕਿ ਸਿਰਫ਼ ਸ਼ਹੀਦੀ ਦਿਵਸ ਮੌਕੇ ਫੁੱਲ ਭੇਟ ਕਰਨ ਜਾਂ ਸਨਮਾਨ ਪੱਤਰ ਦੇਣ ਨਾਲ
ਪ੍ਰਸ਼ਾਸਨ ਦੀ ਜ਼ਿੰਮੇਵਾਰੀ ਖ਼ਤਮ ਨਹੀਂ ਹੋ ਜਾਂਦੀ। ਪਰਿਵਾਰਾਂ ਨੇ ਸਿੱਧਾ ਆਖਿਆ— "ਸਾਨੂੰ ਸਨਮਾਨ ਨਹੀਂ, ਮਾਣ-ਸਤਿਕਾਰ ਚਾਹੀਦਾ ਹੈ।"
ਪਰਿਵਾਰਾਂ
ਨੇ ਪੁਲਿਸ ਪ੍ਰਸ਼ਾਸਨ 'ਤੇ
ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਵੀ ਉਹ ਆਪਣੀਆਂ ਸਮੱਸਿਆਵਾਂ ਜਾਂ ਮੁਸ਼ਕਿਲਾਂ ਲੈ ਕੇ
ਥਾਣਿਆਂ ਵਿੱਚ ਜਾਂਦੇ ਹਨ, ਤਾਂ
ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਸਵਾਲ ਚੁੱਕਿਆ ਕਿ ਜੇਕਰ ਸ਼ਹੀਦਾਂ ਦੇ ਪਰਿਵਾਰਾਂ
ਦੀਆਂ ਤਕਲੀਫ਼ਾਂ ਹੀ ਨਹੀਂ ਸੁਣੀਆਂ ਜਾਂਦੀਆਂ, ਤਾਂ ਇਸ ਇੱਕ ਦਿਨ ਦੇ ਸਰਕਾਰੀ ਸਨਮਾਨ
ਦਾ ਕੀ ਅਰਥ ਰਹਿ ਜਾਂਦਾ ਹੈ?
ਸ਼ਰਧਾਂਜਲੀ ਸਮਾਗਮ 'ਚ
ਉੱਠੇ ਪੁਲਿਸ ਪ੍ਰਬੰਧਾਂ 'ਤੇ ਸਵਾਲ
ਇੱਕ
ਪਾਸੇ ਸਮਾਗਮ ਦੌਰਾਨ ਦੇਸ਼ ਅਤੇ ਸੂਬੇ ਦੀ ਸੁਰੱਖਿਆ ਲਈ ਸ਼ਹਾਦਤ ਦੇਣ ਵਾਲੇ ਜਵਾਨਾਂ ਨੂੰ ਪਰੇਡ, ਮੌਨ ਧਾਰਨ ਅਤੇ ਫੁੱਲ ਭੇਟ ਕਰਕੇ ਯਾਦ
ਕੀਤਾ ਗਿਆ, ਪਰ
ਦੂਜੇ ਪਾਸੇ ਸ਼ਹੀਦ ਪਰਿਵਾਰਾਂ ਦੀ ਨਾਰਾਜ਼ਗੀ ਨੇ ਪੁਲਿਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ
ਦਿੱਤੀ। ਇਸ ਘਟਨਾ ਨੇ ਪ੍ਰਸ਼ਾਸਨ ਲਈ ਇੱਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਸ਼ਹੀਦਾਂ ਦੇ
ਪਰਿਵਾਰਾਂ ਨੂੰ ਆਮ ਦਿਨਾਂ ਵਿੱਚ ਉਹ ਹੱਕ ਅਤੇ ਸਤਿਕਾਰ ਮਿਲ ਰਿਹਾ ਹੈ, ਜਿਸ ਦੇ ਉਹ ਹੱਕਦਾਰ ਹਨ?
ਸੱਚੀ ਸ਼ਰਧਾਂਜਲੀ ਸਿਰਫ਼ ਸਮਾਗਮਾਂ ਤੱਕ ਸੀਮਤ ਨਹੀਂ
ਸਮਾਜਿਕ
ਹਲਕਿਆਂ ਵਿੱਚ ਵੀ ਇਸ ਗੱਲ ਦੀ ਚਰਚਾ ਹੈ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਸਿਰਫ਼ ਸਾਲ ਵਿੱਚ
ਇੱਕ ਦਿਨ ਯਾਦ ਕਰਨ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਉਨ੍ਹਾਂ ਦੇ ਪਰਿਵਾਰਾਂ ਦੀਆਂ
ਦੁੱਖ-ਤਕਲੀਫ਼ਾਂ ਨੂੰ ਪਹਿਲ ਦੇ ਆਧਾਰ 'ਤੇ
ਹੱਲ ਕਰਨਾ ਅਤੇ ਉਨ੍ਹਾਂ ਨੂੰ ਯੋਗ ਮਾਣ-ਸਤਿਕਾਰ ਦੇਣਾ ਹੀ ਅਸਲ ਸ਼ਰਧਾਂਜਲੀ ਹੈ।